ਸੰਖੇਪ ਇਤਿਹਾਸ
ਦਮਦਮੀ ਟਕਸਾਲ ਅਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼
ਤਖਤ ਸ੍ਰੀ ਦਮਦਮਾ ਸਾਹਿਬ ਗੁਰੁ ਕੀ ਕਾਸ਼ੀ ਵਿਖੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ 1762 ਬਿਕ੍ਰਮੀ ਕਤਕ ਸੂਦੀ ਆਰੰਭ ਕਰਕੇ 1763 ਬਿਕ੍ਰਮੀ 23 ਸਾਵਣ ਤੱਕ ੴ ਤੋਂ ਲੈ ਕੇ ਆਠਹ ਦਸ ਬੀਸ ਕੰਠੇ ਸੰਪੂਰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਉਚਾਰ ਕੇ (ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ) ਲਿਖਵਾਏ।ਹਜੂਰ ਦੁਪਿਹਰ ਤੋਂ ਪਹਿਲਾ ਗੁਰਬਾਣੀ ਲਿਖਵਾਉਂਦੇ ਸਨ ਅਤੇ ਪਿਛਲੇ ਪਹਿਰ ਉਚਾਰੀ ਗੁਰਬਾਣੀ ਦੇ ਅਰਥ ਕਰਕੇ ਸਣਾਉਂਦੇ ਸਨ।ਜਿੰਨਾਂ 48 ਸਿੰਘਾਂ ਨੇ ਲਗਾਤਾਰ ਸਾਰੀ ਕਥਾ ਸੁਣੀ ਉਹ ਬਿਦੇਹ ਮੁਕਤ ਹੋ ਗਏ। ਜਿੰਨਾਂ ਵਿੱਚੋਂ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਹਜੂਰ ਜੀ ਦਾ ਬਚਨ ਹੋਇਆ ਭਾਈ ਮਨੀ ਸਿੰਘ ਜੀ ਤੁਸੀ ਸ੍ਰੀ ਹਰਮੰਦਿਰ ਸਾਹਿਬ ਗ੍ਰੰਥੀ ਦੀ ਅਤੇ ਗੁਰਬਾਣੀ ਦੇ ਅਰਥ ਪੜਾਉਣ ਦੀ ਸੇਵਾ ਕਰੋ।ਤੁਹਾਡੇ ਸਰੀਰ ਦਾ ਬੰਦ ਬੰਦ ਕੱਟੇ ਜਾਣ ਤੇ ਵੀ ਤੁਹਾਡੀ ਇਸ ਅਵਸਥਾ ਵਿੱਚ ਕੋਈ ਫਰਕ ਨਹੀਂ ਪਵੇਗਾ।ਬਾਬਾ ਦੀਪ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਸੀ ਇੱਥੇ ਤਖਤ ਸ੍ਰੀ ਦਮਦਮਾ ਸਾਹਿਬ ਗੁਰੁ ਕੀ ਕਾਸ਼ੀ ਵਿਖੇ ਰਹਿ ਕੇ ਗੁਰਬਾਣੀ ਦੇ ਅਰਥ ਪੜਾਉ ਅਤੇ ਗੁਰਮਤਿ ਪ੍ਰਚਾਰ ਕਰੋ।ਤੁਹਾਡਾ ਧੜ ਨਾਲੋਂ ਸੀਸ ਵੱਖਰਾ ਹੋਣ ਤੇ ਵੀ ਤੁਹਾਡੀ ਇਸ ਅਵਸਥਾ ਵਿੱਚ ਕੋਈ ਫਰਕ ਨਹੀ ਪਵੇਗਾ।ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਖੇ ਅਤੇ ਬਾਬਾ ਦੀਪ ਸਿੰਘ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਗੁਰੁ ਕੀ ਕਾਸ਼ੀ ਵਿਖੇ ਗੁਰਬਾਣੀ ਦੇ ਅਰਥ ਪੜਾਏ।ਨਾਲ-ਨਾਲ ਗੁਰਮਤਿ ਦਾ ਮਹਾਨ ਪ੍ਰਚਾਰ ਕੀਤਾ।ਜਿੰਨਾਂ ਤੋ ਸੀਨੇ-ਬਸੀਨੇ ਗੁਰਬਾਣੀ ਦੇ ਅਰਥ ਦੀਆਂ ਟਕਸਾਲਾਂ ਚੱਲ ਰਹੀਆਂ ਹਨ।
ਸੋ ਦਮਦਮੀ ਟਕਸਾਲ ਦੀ ਸੰਪ੍ਰਦਾਈ ਪ੍ਰਣਾਲੀ ਇਸ ਪ੍ਰਕਾਰ ਹੈ- ਦਮਦਮੀ ਟਕਸਾਲ ਦੇ ਬਾਨੀ 1) ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ 2)ਬਾਬਾ ਦੀਪ ਸਿੰਘ ਜੀ ਸ਼ਹੀਦ 3) ਬਾਬਾ ਗੁਰਬਖਸ਼ ਸਿੰਘ ਜੀ 4) ਸ਼ਹੀਦ ਭਾਈ ਸੂਰਤ ਸਿੰਘ ਜੀ 5) ਭਾਈ ਗੁਰਦਾਸ ਸਿੰਘ ਜੀ 6) ਭਾਈ ਸੰਤ ਸਿੰਘ ਜੀ 7) ਭਾਈ ਦਇਆ ਸਿੰਘ ਜੀ 8) ਸੰਤ ਭਗਵਾਨ ਸਿੰਘ ਜੀ 9) ਸੰਤ ਹਰਨਾਮ ਸਿੰਘ ਜੀ 10) ਸੰਤ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ 11) ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲੇ 12) ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ 13) ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ 14) ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 15) ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ।ਦਮਦਮੀ ਟਕਸਾਲ ਦੇ 11ਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹੋਏ।ਜਿੰਨਾਂ ਦਾ ਜਨਮ ਭਿੰਡਰਾਂ ਕਲਾਂ ਵਿੱਚ ਹੋਣ ਕਰਕੇ ਦਮਦਮੀ ਟਕਸਾਲ ਦਾ ਨਾਮ ਭਿੰਡਰਾਂ ਵਾਲਾ ਜਥਾ ਪ੍ਰਸਿੱਧ ਹੋਇਆ।ਆਪ ਜੀ ਤੋ ਉਪਰੰਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਹੋਏ। ਆਪ ਜੀ ਨੇ ਪੰਜ ਪਿਆਰਿਆ ਵਿੱਚ ਸ਼ਾਮਲ ਹੋ ਕੇ ਅਨੇਕਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ।ਹਜ਼ਾਰਾਂ ਗ੍ਰੰਥੀ ਅਤੇ ਸੈਂਕੜੇ ਗਿਆਨੀ ਬਣਾਏ।ਗੁਰਮਤਿ ਦਾ ਮਹਾਨ ਪ੍ਰਚਾਰ ਕੀਤਾ, ਆਪ ਜੀ ਦਾ ਜਹਨ ਪਿੰਡ ਅਖਾੜਾ ਤਹਿਸੀਲ ਜਗਰਾਓਂ,ਜਿਲ੍ਹਾ ਲੁਧਿਆਣਾ ਵਿਖੇ ਸੰਮਤ ਬਿਕ੍ਰਮੀ 1959 ਮਾਘ ਦੀ ਪੁੰਨਿਆ ਨੂੰ ਫੱਗਣ ਦੀ ਸੰਗਰਾਂਦ ਦਿਨ ਬੁੱਧਵਾਰ ਸੰਨ 1902 ਈ: ਨੂੰ ਅੰਮ੍ਰਿਤ ਵੇਲੇ ਢਾਈ ਵਜੇ ਹੋਇਆ। ਮਹਾਂਪੁਰਖ ਮਹਿਤੇ ਵਿੱਖੇ ਸੰਮਤ 2026 ,14 ਹਾੜ ਦਿਨ ਵੀਰਵਾਰ ਜੂਨ ਜੂਨ 1969 ਈ: ਨੂੰ ਅੰਮ੍ਰਿਤ ਵੇਲੇ 2 ਵਜ ਕੇ 10 ਮਿੰਟ ਤੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋਏ ਸੱਚਖੰਡ ਜਾ ਬਿਰਾਜੇ,ਆਪ ਜੀ ਨੇ ਇੱਥੇ ਭੋਰਾ ਸਾਹਿਬ ਵਾਲੇ ਅਸਥਾਨ ਤੇ ਸੱਚਖੰਡ ਗਮਨ ਕੀਤਾ।ਆਪ ਜੀ ਦੇ ਇਸ ਸੱਚਖੰਡ ਗਮਨ ਵਾਲੇ ਅਸਥਾਨ ਤੇ ਆਪ ਜੀ ਦੀ ਯਾਦ ਵਿੱਚ ਗੁ: ਗੁਰਦਰਸ਼ਨ ਪ੍ਰਕਾਸ਼ ਦਮਦਮੀ ਟਕਸਾਲ ਦੇ 13 ਵੇਂ ਮੁਖੀਂ ਸ੍ਰੀਮਾਨ ਸੰਤ ਗਿਆਨੀ ਕਰਤਾਰ ਜੀ ਖਾਲਸਾ ਨੇ ਬਣਾਇਆ। ਕੀਰਤਨ ਵਿਦਿਆਲਾ ਕਾਇਮ ਕੀਤਾ।ਅਨੇਕਾਂ ਗਿਆਨੀ,ਰਾਗੀ ਅਤੇ ਗ੍ਰੰਥੀ ਬਣਾਏ ਗੁਰਮਤਿ ਦਾ ਪ੍ਰਚਾਰ ਕੀਤਾ ਅਤੇ ਗੁਰਬਾਣੀ ਪੜਾਉਣ ਦੀ ਮਹਾਨ ਸੇਵਾ ਕੀਤੀ । ਆਪ ਜੀ ਦਾ ਜਨਮ ਅੱਸੂ ਸੁਦੀ ਪੰਚਮੀ ਸੰਮਤ ਬਿਕ੍ਰਮੀ 1989 ਮੁਤਾਬਿਕ 9 ਅਕਤੂਬਰ 1932 ਈ: ਦਿਨ ਵੀਰਵਾਰ ਨੂੰ ਪਿੰਡ ਪੁਰਾਣੇ ਭੁਰੇ ਤਹਿਸੀਲ ਪੱਟੀ (ਕਸੂਰ) ਜਿਲ੍ਹਾ ਅੰਮ੍ਰਿਤਸਰ (ਲਾਹੌਰ) ਵਿਖੇ ਪਿਤਾ ਜਥੇ: ਬਾਬਾ ਝੰਡਾ ਸਿੰਘ ਜੀ ਦੇ ਘਰ ਮਾਤਾ ਲਾਭ ਕੌਰ ਜੀ ਦੀ ਕੁੱਖੋਂ ਹੋਇਆ। ਦਸਮ ਪਾਤਸ਼ਾਹ ਜੀ ਦੇ 300 ਸਾਲਾ ਅਵਤਾਰ ਪੁਰਬ ਸਮੇਂ 18 ਜਨਵਰੀ 1967 ਈ: ਦਿਨ ਬੁੱਧਵਾਰ ਨੂੰ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਵਿਖੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਆਪਚੇ ਹੱਥੀਂ ਟਕਸਾਲ ਦੀ ਸੇਵਾ, ਸਿਰਪਾਉ ਦਿੱਤਾ।
ਆਪ ਜੀ 16 ਅਗਸਤ ਦਿਨ ਮੰਗਲਵਾਰ ਸੰਨ 1977 ਈ: ਨੂੰ ਸੱਚਖੰਡ ਪਿਆਨਾ ਕਰ ਗਏ। ਆਪ ਜੀ ਦੀ ਯਾਦ ਵਿੱਚ ਛੋਟਾ ਸ੍ਰੀ ਨਿਸ਼ਾਨ ਸਾਹਿਬ ਝੁੱਲ ਰਿਹਾ ਹੈ।ਬਾਅਦ ਵਿੱਚ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਜੋ ਕੌਮ ਦੀ ਸੇਵਾ ਕੀਤੀ ਸੰਗਤਾਂ ਭਲੀ ਭਾਂਤ ਜਾਣਦੀਆਂ ਹੀ ਹਨ। ਆਪ ਜੀ ਦਾ ਜਨਮ 2 ਜੂਨ ਸੰਨ 1947 ਈ: ਦਿਨ ਸੋਮਵਾਰ ਨੂੰ ਪਿੰਡ ਰੋਡੇ ਜਿਲ੍ਹਾ ਫਰੀਦਕੋਟ ਵਿਖੇ ਪਿਤਾ ਜਥੇ: ਬਾਬਾ ਜੋਗਿੰਦਰ ਸਿੰਘ ਅਤੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ।ਅਖੀਰ ਆਪ ਜੀ ਗੁਰਧਾਮਾਂ ਦਾ ਅਦਬ ਕਾਇਮ ਰੱਖਣ ਵਾਸਤੇ ਸਿੱਖ ਕੌਮ ਦੇ ਹੱਕਾਂ ਦੀ ਪ੍ਰਾਪਤੀ ਅਤੇ ਖਾਲਸਾ ਪੰਥ ਦੀਆਂ ਚੜਦੀਆਂ ਕਲਾ ਵਾਸਤੇ ਸ਼੍ਰੀ ਅਕਾਲ ਸਾਹਿਬ ਦੇ ਸਨਮੁਖ ਜਾਲਮਾਂ ਨਾਲ ਨਾਲ ਜੂਝਦਿਆ ਹੋਇਆ 6 ਜੂਨ ਸੰਨ 1984 ਈ: ਦਿਨ ਬੁੱਧਵਾਰ ਨੂੰ ਸਵੇਰੇ 8 ਵਜੇ ਕੇ 45 ਮਿੰਟ ਤੇ ਸ਼ਹੀਦੀ ਪਾ ਗਏ। ਆਪ ਜੀ ਦੇ ਨਾਲ ਭਾਈ ਠ੍ਹਾਰਾ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਜਰਨਲ ਸੁਬੇਗ ਸਿੰਘ ਜੀ ਅਦਿਕ ਹੋਰ ਵੀ ਅਨੇਕ ਸਿੰਘ ਸ਼ਹਾਦਤ ਦਾ ਜਾਮ ਪੀ ਗਏ।ਉਪਰੰਤ ਖਾਲਸਾ ਪੰਥ ਵੱਲੋਂ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਨੂੰ ਦਮਦਮੀ ਟਕਸਾਲ ਦੀ ਸੇਵਾ ਸੌਂਪੀ ਗਈ ਜੋ ਆਪ ਜੀ ਨੇ ਜੀਵਨ ਭਰ ਬਾਖੂਬੀ ਨਿਭਾਈ। ਆਪ ਜੀ ਦਾ ਜਨਮ 1915 ਈ: ਨਗਰ ਈਚੋ ਗਿੱਲ ਜਿਲ੍ਹਾ ਲਾਹੌਰ (ਅੱਜਕਲ ਪਾਕਿਸਤਾਨ) ਵਿੱਖੇ ਹੋਇਆ।ਆਪ ਜੀ ਦੇ ਪਿਤਾ ਬਾਬਾ ਬਹਾਦਰ ਸਿੰਘ ਜੀ ਤੇ ਮਾਤਾ ਪ੍ਰੇਮ ਕੌਰ ਜੀ ਸਨ। ਬਾਬਾ ਜੀ 1945 ਈ: ਨੂੰ ਜਥੇ: ਵਿੱਚ ਆਏ। ਸੇਵਾ ਸਿਮਰਨ ਤੇ ਗੁਰਸਿੱਖੀ ਪ੍ਰਚਾਰ ਕਰਦਿਆ ਅਖੀਰ 24 ਦਸੰਬਰ ਦਿਨ ਸ਼ੁੱਕਰਵਾਰ ਨੂੰ ਸੰਨ 2004 ਈ: ਮੁਤਾਬਿਕ 10 ਪੋਹ ਸੰਮਤ ਬਿਕ੍ਰਮੀ 2061 ਨੂੰ ਸੱਚਖੰਡ ਜਾ ਬਿਰਾਜੇ। ਉਪਰੰਤ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਦੇ ਦੁਸ਼ਹਿਰੇ ਦੇ ਭੋਗ ਅਤੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਰਾਂਵਾਲਿਆਂ ਦੇ ਦੁਸ਼ਹਿਰੇ ਦੇ ਭੋਗ ਅਤੇ ਸ਼ਹੀਦੀ ਸਮਾਗਮ ਤੇ ਦਮਦਮੀ ਟਕਸਾਲ ਜਥਾ ਭਿਡਰਾਂ ਮਹਿਤਾ ਸਮੂਹ ਸਿੱਖ ਸੰਗਤਾਂ,ਸਿੱਖ ਸੰਪਰਦਾਵਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਸ਼੍ਰੀ ਮਾਨ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੂੰ ਦਸਤਾਰ ਬੰਦੀ ਦੀ ਰਸਮ ਕਰਕੇ ਦਮਦਮੀ ਟਕਸਾਲ ਦੇ 16 ਮੁਖੀ ਨਿਯੁਕਤ ਕੀਤਾ ਗਿਆ । ਆਪ ਜੀ ਦਾ ਜਨਮ 23 ਮਈ ਦਿਨ ਵੀਰਵਾਰ ਸੰਨ 1968 ਈ: ਨੂੰ ਅੰਮ੍ਰਿਤ ਵੇਲੇ 1 ਵਜੇ ਪਿੰਡ ਧੁੰਮਾਂ ਤਹਿਸੀਲ ਰਾਜਪੁਰਾ ਜਿਲ੍ਹਾ ਪਟਿਆਲਾ ਵਿੱਖੇ ਸਤਿਕਾਰਯੋਗ ਪਿਤਾ ਸ: ਤਰਲੋਚਨ ਸਿੰਘ ਜੀ ਦੇ ਘਰ ਮਾਤਾ ਅਵਤਾਰ ਕੌਰ ਜੀ ਦੀ ਕੁੱਖੋਂ ਹੋਇਆ। ਸਤਿਗੁਰ ਜੀ ਦੀ ਕ੍ਰਿਪਾ ਨਾਲ ਆਪ ਜੀ ਅੱਜ ਕੱਲ ਚੜਦੀਆਂ ਕਲਾਂ ਚ ਦਮਦਮੀ ਟਕਸਾਲ ਦੀ ਸੇਵਾ ਨਿਭਾ ਰਹੇ ਹਨ। ਇੱਥੇ ਗੁਰਬਾਣੀ ਦਾ ਸ਼ੂੱਧ ਪਾਠ ਅਤੇ ਰਾਗ ਵਿੱਦਿਆ ਦੀ ਸਿਖਲਾਈ ਦਿੱਤੀ ਜਾਂਦੀ ਹੈ, ਗੁਰੁ ਕਾ ਲੰਗਰ ਅਟੱਟ ਚਲਦਾ ਹੈ।ਇੱਥੇ ਸੰਗਰਾਂਦ ਅਤੇ ਹਰ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ।ਯਾਤਰੂ ਸੰਗਤਾਂ ਵਾਸਤੇ ਰਿਹਾਇਸ਼ ਲਈ ਗੁਰਮੁੱਖ ਨਿਵਾਸ ਬਿਲਡਿੰਗ ਵਿੱਚ ਪ੍ਰਬੰਧ ਹੈ ।