ਸੰਖੇਪ ਇਤਿਹਾਸ
ਤਖਤ ਸ੍ਰੀ ਦਮਦਮਾ ਸਾਹਿਬ ਗੁਰੁ ਕੀ ਕਾਸ਼ੀ ਵਿਖੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ 1762 ਬਿਕ੍ਰਮੀ ਕਤਕ ਸੂਦੀ ਆਰੰਭ ਕਰਕੇ 1763 ਬਿਕ੍ਰਮੀ 23 ਸਾਵਣ ਤੱਕ ੴ ਤੋਂ ਲੈ ਕੇ ਆਠਹ ਦਸ ਬੀਸ ਕੰਠੇ ਸੰਪੂਰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਉਚਾਰ ਕੇ (ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ) ਲਿਖਵਾਏ।ਹਜੂਰ ਦੁਪਿਹਰ ਤੋਂ ਪਹਿਲਾ ਗੁਰਬਾਣੀ ਲਿਖਵਾਉਂਦੇ ਸਨ ਅਤੇ ਪਿਛਲੇ ਪਹਿਰ ਉਚਾਰੀ ਗੁਰਬਾਣੀ ਦੇ ਅਰਥ ਕਰਕੇ ਸਣਾਉਂਦੇ ਸਨ।ਜਿੰਨਾਂ 48 ਸਿੰਘਾਂ ਨੇ ਲਗਾਤਾਰ ਸਾਰੀ ਕਥਾ ਸੁਣੀ ਉਹ ਬਿਦੇਹ ਮੁਕਤ ਹੋ ਗਏ। ਜਿੰਨਾਂ ਵਿੱਚੋਂ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਹਜੂਰ ਜੀ ਦਾ ਬਚਨ ਹੋਇਆ ਭਾਈ ਮਨੀ ਸਿੰਘ ਜੀ ਤੁਸੀ ਸ੍ਰੀ ਹਰਿਮੰਦਰ ਸਾਹਿਬ ਗ੍ਰੰਥੀ ਦੀ ਅਤੇ ਗੁਰਬਾਣੀ ਦੇ ਅਰਥ ਪੜਾਉਣ ਦੀ ਸੇਵਾ ਕਰੋ।ਤੁਹਾਡੇ ਸਰੀਰ ਦਾ ਬੰਦ ਬੰਦ ਕੱਟੇ ਜਾਣ ਤੇ ਵੀ ਤੁਹਾਡੀ ਇਸ ਅਵਸਥਾ ਵਿੱਚ ਕੋਈ ਫਰਕ ਨਹੀਂ ਪਵੇਗਾ।ਬਾਬਾ ਦੀਪ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਸੀ ਇੱਥੇ ਤਖਤ ਸ੍ਰੀ ਦਮਦਮਾ ਸਾਹਿਬ ਗੁਰੁ ਕੀ ਕਾਸ਼ੀ ਵਿਖੇ ਰਹਿ ਕੇ ਗੁਰਬਾਣੀ ਦੇ ਅਰਥ ਪੜਾਉ ਅਤੇ ਗੁਰਮਤਿ ਪ੍ਰਚਾਰ ਕਰੋ।ਤੁਹਾਡਾ ਧੜ ਨਾਲੋਂ ਸੀਸ ਵੱਖਰਾ ਹੋਣ ਤੇ ਵੀ ਤੁਹਾਡੀ ਇਸ ਅਵਸਥਾ ਵਿੱਚ ਕੋਈ ਫਰਕ ਨਹੀੰ ਪਵੇਗਾ।ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਖੇ ਅਤੇ ਬਾਬਾ ਦੀਪ ਸਿੰਘ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਗੁਰੁ ਕੀ ਕਾਸ਼ੀ ਵਿਖੇ ਗੁਰਬਾਣੀ ਦੇ ਅਰਥ ਪੜਾਏ।ਨਾਲ-ਨਾਲ ਗੁਰਮਤਿ ਦਾ ਮਹਾਨ ਪ੍ਰਚਾਰ ਕੀਤਾ।ਜਿੰਨਾਂ ਤੋ ਸੀਨੇ-ਬਸੀਨੇ ਗੁਰਬਾਣੀ ਦੇ ਅਰਥ ਦੀਆਂ ਟਕਸਾਲਾਂ ਚੱਲ ਰਹੀਆਂ ਹਨ।